bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Peter 1
1 Peter 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 4
Chapter 5
Chapter 2 →
1
ਪਤਰਸ ਵੱਲੋਂ ਜੋ ਕਿ ਮਸੀਹ ਯਿਸੂ ਦਾ ਰਸੂਲ ਹਾਂ, ਉਨ੍ਹਾਂ ਪਰਦੇਸੀਆਂ ਨੂੰ ਜਿਹੜੇ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ ਅਤੇ ਬਿਥੁਨਿਯਾ ਵਿੱਚ ਖਿੰਡੇ ਹੋਏ ਹਨ
2
ਅਤੇ ਪਿਤਾ ਪਰਮੇਸ਼ਰ ਦੇ ਅਗੇਤੇ ਗਿਆਨ ਦੇ ਅਨੁਸਾਰ ਚੁਣੇ ਗਏ ਅਤੇ ਮਸੀਹ ਯਿਸੂ ਦੀ ਆਗਿਆਕਾਰੀ ਲਈ ਅਤੇ ਉਸ ਦੇ ਲਹੂ ਦੇ ਛਿੜਕੇ ਜਾਣ ਲਈ ਆਤਮਾ ਦੁਆਰਾ ਪਵਿੱਤਰ ਕੀਤੇ ਗਏ ਹਨ: ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਭਰਪੂਰੀ ਨਾਲ ਹੁੰਦੀ ਰਹੇ।
3
ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਸ ਨੇ ਆਪਣੀ ਵੱਡੀ ਦਇਆ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਸਾਨੂੰ ਜੀਉਂਦੀ ਆਸ ਲਈ,
4
ਅਰਥਾਤ ਉਸ ਮਿਰਾਸ ਲਈ ਨਵਾਂ ਜਨਮ ਦਿੱਤਾ ਹੈ ਜੋ ਅਵਿਨਾਸੀ, ਬੇਦਾਗ਼ ਅਤੇ ਅਲੋਪ ਨਾ ਹੋਣ ਵਾਲੀ ਹੈ ਅਤੇ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ
5
ਜਿਹੜੇ ਪਰਮੇਸ਼ਰ ਦੀ ਸਮਰੱਥਾ ਨਾਲ ਵਿਸ਼ਵਾਸ ਦੁਆਰਾ ਅੰਤ ਸਮੇਂ ਵਿੱਚ ਪਰਗਟ ਹੋਣ ਵਾਲੀ ਮੁਕਤੀ ਦੇ ਲਈ ਸੁਰੱਖਿਅਤ ਰੱਖੇ ਜਾਂਦੇ ਹੋ।
6
ਇਸੇ ਕਾਰਨ ਤੁਸੀਂ ਬਹੁਤ ਅਨੰਦ ਹੁੰਦੇ ਹੋ, ਭਾਵੇਂ ਕਿ ਤੁਹਾਨੂੰ ਥੋੜ੍ਹੇ ਸਮੇਂ ਲਈ ਵੱਖ-ਵੱਖ ਪ੍ਰਕਾਰ ਦੇ ਪਰਤਾਵਿਆਂ ਕਰਕੇ ਦੁਖੀ ਹੋਣਾ ਪੈਂਦਾ ਹੈ।
7
ਇਹ ਇਸ ਲਈ ਹੈ ਕਿ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਜੋ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਵੀ ਵਡਮੁੱਲਾ ਹੈ, ਯਿਸੂ ਮਸੀਹ ਦੇ ਪਰਗਟ ਹੋਣ 'ਤੇ ਪ੍ਰਸ਼ੰਸਾ, ਮਹਿਮਾ ਅਤੇ ਆਦਰ ਦਾ ਕਾਰਨ ਠਹਿਰੇ।
8
ਤੁਸੀਂ ਉਸ ਨੂੰ ਨਹੀਂ ਵੇਖਿਆ, ਫਿਰ ਵੀ ਉਸ ਨੂੰ ਪ੍ਰੇਮ ਕਰਦੇ ਹੋ; ਭਾਵੇਂ ਤੁਸੀਂ ਉਸ ਨੂੰ ਨਹੀਂ ਵੇਖਦੇ, ਤਾਂ ਵੀ ਉਸ ਉੱਤੇ ਵਿਸ਼ਵਾਸ ਕਰਦੇ ਹੋਏ ਅਜਿਹਾ ਵੱਡਾ ਅਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਅਤੇ ਮਹਿਮਾ ਨਾਲ ਭਰਪੂਰ ਹੈ
9
ਅਤੇ ਆਪਣੇ ਵਿਸ਼ਵਾਸ ਦਾ ਪ੍ਰਤਿਫਲ ਅਰਥਾਤ ਆਪਣੇ ਪ੍ਰਾਣਾਂ ਦੀ ਮੁਕਤੀ ਪ੍ਰਾਪਤ ਕਰਦੇ ਹੋ।
10
ਇਸੇ ਮੁਕਤੀ ਦੇ ਵਿਖੇ ਉਨ੍ਹਾਂ ਨਬੀਆਂ ਨੇ ਬਹੁਤ ਖੋਜ ਅਤੇ ਛਾਣ-ਬੀਣ ਕੀਤੀ ਜਿਨ੍ਹਾਂ ਨੇ ਉਸ ਕਿਰਪਾ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ, ਭਵਿੱਖਬਾਣੀ ਕੀਤੀ।
11
ਉਹ ਇਹ ਜਾਂਚ ਕਰ ਰਹੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਹੈ ਅਤੇ ਮਸੀਹ ਦੇ ਦੁੱਖਾਂ ਅਤੇ ਉਨ੍ਹਾਂ ਤੋਂ ਬਾਅਦ ਆਉਣ ਵਾਲੀ ਮਹਿਮਾ ਦੀ ਅਗੇਤੀ ਗਵਾਹੀ ਦਿੰਦਾ ਹੈ, ਉਹ ਕਿਸ ਵਿਅਕਤੀ ਜਾਂ ਕਿਸ ਸਮੇਂ ਵੱਲ ਇਸ਼ਾਰਾ ਕਰ ਰਿਹਾ ਸੀ।
12
ਉਨ੍ਹਾਂ ਨਬੀਆਂ ਉੱਤੇ ਇਹ ਪਰਗਟ ਕੀਤਾ ਗਿਆ ਕਿ ਇਨ੍ਹਾਂ ਗੱਲਾਂ ਵਿੱਚ ਉਹ ਆਪਣੀ ਨਹੀਂ, ਸਗੋਂ ਤੁਹਾਡੀ ਸੇਵਾ ਕਰ ਰਹੇ ਸਨ। ਇਹ ਗੱਲਾਂ ਹੁਣ ਤੁਹਾਨੂੰ ਉਨ੍ਹਾਂ ਨੇ ਦੱਸੀਆਂ ਜਿਨ੍ਹਾਂ ਨੇ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਰਾਹੀਂ ਤੁਹਾਨੂੰ ਖੁਸ਼ਖ਼ਬਰੀ ਸੁਣਾਈ; ਇਨ੍ਹਾਂ ਗੱਲਾਂ ਨੂੰ ਵੇਖਣ ਦੀ ਤਾਂਘ ਸਵਰਗਦੂਤ ਵੀ ਰੱਖਦੇ ਹਨ।
13
ਇਸ ਲਈ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੰਜਮੀ ਬਣੇ ਰਹੋ ਅਤੇ ਪੂਰੀ ਤਰ੍ਹਾਂ ਉਸ ਕਿਰਪਾ ਦੀ ਆਸ ਰੱਖੋ ਜੋ ਯਿਸੂ ਮਸੀਹ ਦੇ ਪਰਗਟ ਹੋਣ 'ਤੇ ਤੁਹਾਨੂੰ ਮਿਲਣ ਵਾਲੀ ਹੈ।
14
ਆਗਿਆਕਾਰੀ ਬੱਚਿਆਂ ਵਾਂਗ, ਆਪਣੀ ਅਗਿਆਨਤਾ ਦੀਆਂ ਪੁਰਾਣੀਆਂ ਲਾਲਸਾਵਾਂ ਜਿਹੇ ਨਾ ਬਣੋ,
15
ਪਰ ਜਿਵੇਂ ਤੁਹਾਡਾ ਬੁਲਾਉਣ ਵਾਲਾ ਪਵਿੱਤਰ ਹੈ, ਉਸੇ ਤਰ੍ਹਾਂ ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ;
16
ਕਿਉਂਕਿ ਲਿਖਿਆ ਹੈ: “ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।”
17
ਜੇ ਤੁਸੀਂ ਉਸ ਨੂੰ ਪਿਤਾ ਕਹਿ ਕੇ ਪੁਕਾਰਦੇ ਹੋ ਜਿਹੜਾ ਬਿਨਾਂ ਪੱਖਪਾਤ ਕੀਤੇ ਹਰੇਕ ਦੇ ਕੰਮਾਂ ਅਨੁਸਾਰ ਨਿਆਂ ਕਰਦਾ ਹੈ, ਤਾਂ ਤੁਸੀਂ ਧਰਤੀ ਉੱਤੇ ਆਪਣੇ ਪਰਵਾਸ ਦਾ ਸਮਾਂ ਭੈ ਨਾਲ ਬਤੀਤ ਕਰੋ।
18
ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੇ ਉਸ ਨਿਕੰਮੇ ਚਾਲ-ਚਲਣ ਤੋਂ ਜੋ ਤੁਹਾਡੇ ਪੁਰਖਿਆਂ ਤੋਂ ਤੁਹਾਨੂੰ ਪ੍ਰਾਪਤ ਹੋਇਆ, ਸੋਨੇ ਜਾਂ ਚਾਂਦੀ ਵਰਗੀਆਂ ਨਾਸਵਾਨ ਚੀਜ਼ਾਂ ਨਾਲ ਛੁਟਕਾਰਾ ਨਹੀਂ ਪਾਇਆ,
19
ਬਲਕਿ ਇੱਕ ਨਿਰਦੋਸ਼ ਅਤੇ ਬੇਦਾਗ਼ ਲੇਲੇ ਅਰਥਾਤ ਮਸੀਹ ਦੇ ਵਡਮੁੱਲੇ ਲਹੂ ਨਾਲ ਪਾਇਆ।
20
ਉਹ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਨਿਯੁਕਤ ਕੀਤਾ ਗਿਆ ਸੀ, ਪਰ ਤੁਹਾਡੇ ਲਈ ਅੰਤ ਦੇ ਸਮਿਆਂ ਵਿੱਚ ਪਰਗਟ ਹੋਇਆ।
21
ਉਸੇ ਦੇ ਦੁਆਰਾ ਤੁਸੀਂ ਪਰਮੇਸ਼ਰ ਉੱਤੇ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਮਹਿਮਾ ਦਿੱਤੀ, ਵਿਸ਼ਵਾਸ ਕਰਦੇ ਹੋ ਤਾਂਕਿ ਤੁਹਾਡਾ ਵਿਸ਼ਵਾਸ ਅਤੇ ਆਸ ਪਰਮੇਸ਼ਰ ਉੱਤੇ ਹੋਵੇ।
22
ਇਸ ਲਈ ਜਦੋਂ ਤੁਸੀਂ ਸੱਚ ਨੂੰ ਮੰਨ ਕੇ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਆਪਣੇ ਮਨਾਂ ਨੂੰ ਸ਼ੁੱਧ ਕੀਤਾ ਹੈ ਤਾਂ ਸ਼ੁੱਧ ਮਨ ਤੋਂ ਇੱਕ ਦੂਜੇ ਨਾਲ ਦਿਲੋਂ ਪ੍ਰੇਮ ਕਰੋ।
23
ਕਿਉਂਕਿ ਤੁਸੀਂ ਨਾਸਵਾਨ ਬੀਜ ਤੋਂ ਨਹੀਂ, ਸਗੋਂ ਅਵਿਨਾਸੀ ਬੀਜ ਤੋਂ ਅਰਥਾਤ ਪਰਮੇਸ਼ਰ ਦੇ ਜੀਉਂਦੇ ਅਤੇ ਕਾਇਮ ਰਹਿਣ ਵਾਲੇ ਵਚਨ ਤੋਂ ਨਵਾਂ ਜਨਮ ਪ੍ਰਾਪਤ ਕੀਤਾ ਹੈ।
24
ਕਿਉਂ ਜੋ ਹਰੇਕ ਪ੍ਰਾਣੀ ਘਾਹ ਦੇ ਸਮਾਨ ਹੈ ਅਤੇ ਉਸ ਦੀ ਸਾਰੀ ਸ਼ਾਨ ਘਾਹ ਦੇ ਫੁੱਲ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦਾ ਹੈ,
25
ਪਰ ਪ੍ਰਭੂ ਦਾ ਵਚਨ ਸਦਾ ਕਾਇਮ ਰਹਿੰਦਾ ਹੈ। ਇਹ ਵਚਨ ਹੀ ਉਹ ਖੁਸ਼ਖ਼ਬਰੀ ਹੈ ਜੋ ਤੁਹਾਨੂੰ ਸੁਣਾਈ ਗਈ।
Jump to:
Chapter 1
Chapter 2
Chapter 3
Chapter 4
Chapter 5
Chapter 2 →
All chapters:
1
2
3
4
5