bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Galatians 4
Galatians 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
1
ਹੁਣ ਮੈਂ ਕਹਿੰਦਾ ਹਾਂ ਕਿ ਵਾਰਸ ਜਿੰਨਾ ਚਿਰ ਬੱਚਾ ਹੈ, ਉਸ ਵਿੱਚ ਅਤੇ ਗੁਲਾਮ ਵਿੱਚ ਕੋਈ ਅੰਤਰ ਨਹੀਂ ਭਾਵੇਂ ਉਹ ਸਭ ਚੀਜ਼ਾਂ ਦਾ ਮਾਲਕ ਹੈ।
2
ਪਰ ਪਿਤਾ ਦੁਆਰਾ ਨਿਰਧਾਰਤ ਸਮੇਂ ਤੱਕ ਉਹ ਸਰਪ੍ਰਸਤਾਂ ਅਤੇ ਮੁਖ਼ਤਿਆਰਾਂ ਦੇ ਅਧੀਨ ਰਹਿੰਦਾ ਹੈ।
3
ਇਸੇ ਤਰ੍ਹਾਂ ਅਸੀਂ ਵੀ ਜਦੋਂ ਬੱਚੇ ਸੀ ਤਾਂ ਸੰਸਾਰ ਦੇ ਮੂਲ ਸਿਧਾਂਤਾਂ ਦੇ ਗੁਲਾਮ ਸੀ।
4
ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਜੋ ਔਰਤ ਤੋਂ ਜਨਮਿਆ ਅਤੇ ਬਿਵਸਥਾ ਦੇ ਅਧੀਨ ਜਨਮਿਆ,
5
ਤਾਂਕਿ ਉਨ੍ਹਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਛੁਡਾਵੇ ਜਿਸ ਨਾਲ ਅਸੀਂ ਪੁਤਰੇਲੇ ਪੁੱਤਰ ਹੋਣ ਦਾ ਹੱਕ ਪ੍ਰਾਪਤ ਕਰੀਏ।
6
ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਇਸ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਮਨਾਂ ਵਿੱਚ ਪਾਇਆ ਜਿਹੜਾ “ਹੇ ਅੱਬਾ, ਹੇ ਪਿਤਾ” ਪੁਕਾਰਦਾ ਹੈ।
7
ਸੋ ਹੁਣ ਤੋਂ ਤੂੰ ਦਾਸ ਨਹੀਂ, ਸਗੋਂ ਪੁੱਤਰ ਹੈਂ ਅਤੇ ਜੇ ਪੁੱਤਰ ਹੈਂ ਤਾਂ ਪਰਮੇਸ਼ਰ ਦੇ ਰਾਹੀਂ ਵਾਰਸ ਵੀ ਹੈਂ।
8
ਜਦੋਂ ਤੁਸੀਂ ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਤਾਂ ਉਨ੍ਹਾਂ ਦੇ ਬੰਧਨ ਵਿੱਚ ਸੀ ਜੋ ਅਸਲ ਵਿੱਚ ਪਰਮੇਸ਼ਰ ਨਹੀਂ ਹਨ।
9
ਪਰ ਹੁਣ ਜਦੋਂ ਤੁਸੀਂ ਪਰਮੇਸ਼ਰ ਨੂੰ ਜਾਣ ਲਿਆ, ਸਗੋਂ ਇਹ ਕਹੀਏ ਕਿ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ, ਤਾਂ ਤੁਸੀਂ ਦੁਬਾਰਾ ਨਿਰਬਲ ਅਤੇ ਵਿਅਰਥ ਮੂਲ ਸਿਧਾਂਤਾਂ ਵੱਲ ਕਿਉਂ ਮੁੜਦੇ ਹੋ? ਕੀ ਤੁਸੀਂ ਇੱਕ ਵਾਰ ਫੇਰ ਉਨ੍ਹਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ?
10
ਤੁਸੀਂ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮੰਨਦੇ ਹੋ।
11
ਮੈਂ ਤੁਹਾਡੇ ਵਿਖੇ ਡਰਦਾ ਹਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਤੁਹਾਡੇ ਲਈ ਕੀਤੀ ਗਈ ਮੇਰੀ ਮਿਹਨਤ ਵਿਅਰਥ ਜਾਵੇ।
12
ਹੇ ਭਾਈਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਰਗੇ ਬਣੋ, ਕਿਉਂਕਿ ਮੈਂ ਵੀ ਤੁਹਾਡੇ ਵਰਗਾ ਬਣਿਆ। ਤੁਸੀਂ ਮੇਰਾ ਕੁਝ ਬੁਰਾ ਨਹੀਂ ਕੀਤਾ;
13
ਅਤੇ ਤੁਸੀਂ ਜਾਣਦੇ ਹੋ ਕਿ ਮੇਰੇ ਸਰੀਰ ਦੀ ਨਿਰਬਲਤਾ ਤੁਹਾਨੂੰ ਪਹਿਲੀ ਵਾਰ ਖੁਸ਼ਖ਼ਬਰੀ ਸੁਣਾਉਣ ਦੀ ਵਜ੍ਹਾ ਬਣੀ।
14
ਤੁਸੀਂ ਮੇਰੇ ਸਰੀਰ ਦੀ ਇਸ ਦਸ਼ਾ ਨੂੰ ਜੋ ਕਿ ਤੁਹਾਡੇ ਲਈ ਪਰਤਾਵਾ ਸੀ ਤੁੱਛ ਨਹੀਂ ਜਾਣਿਆ ਅਤੇ ਨਾ ਘਿਰਣਾ ਕੀਤੀ, ਸਗੋਂ ਮੈਨੂੰ ਪਰਮੇਸ਼ਰ ਦੇ ਦੂਤ ਵਾਂਗ, ਬਲਕਿ ਮਸੀਹ ਯਿਸੂ ਵਾਂਗ ਸਵੀਕਾਰ ਕੀਤਾ।
15
ਹੁਣ ਤੁਹਾਡਾ ਉਹ ਅਨੰਦ ਕਿੱਥੇ ਗਿਆ? ਕਿਉਂਕਿ ਮੈਂ ਤੁਹਾਡੀ ਗਵਾਹੀ ਦਿੰਦਾ ਹਾਂ ਕਿ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ।
16
ਕੀ ਮੈਂ ਤੁਹਾਡੇ ਨਾਲ ਸੱਚ ਬੋਲਣ ਕਰਕੇ ਤੁਹਾਡਾ ਵੈਰੀ ਬਣ ਗਿਆ ਹਾਂ?
17
ਉਹ ਤੁਹਾਡੇ ਪ੍ਰਤੀ ਉਤਸੁਕ ਹਨ, ਪਰ ਭਲੇ ਲਈ ਨਹੀਂ; ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦੇ ਹਨ ਕਿ ਤੁਸੀਂ ਵੀ ਉਨ੍ਹਾਂ ਪ੍ਰਤੀ ਉਤਸੁਕ ਹੋਵੋ।
18
ਹਮੇਸ਼ਾ ਭਲੀ ਗੱਲ ਲਈ ਉਤਸੁਕ ਰਹਿਣਾ ਚੰਗਾ ਹੈ, ਨਾ ਕਿ ਕੇਵਲ ਉਦੋਂ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ।
19
ਮੇਰੇ ਬੱਚਿਓ, ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦਾ ਸਰੂਪ ਨਾ ਬਣ ਜਾਵੇ ਮੈਂ ਤੁਹਾਡੇ ਲਈ ਮੁੜ ਜਣੇਪੇ ਜਿਹੀਆਂ ਪੀੜਾਂ ਸਹਿੰਦਾ ਹਾਂ।
20
ਮੈਂ ਚਾਹੁੰਦਾ ਸੀ ਕਿ ਇਸ ਸਮੇਂ ਤੁਹਾਡੇ ਕੋਲ ਹੁੰਦਾ ਅਤੇ ਹੋਰ ਤਰੀਕੇ ਨਾਲ ਗੱਲ ਕਰਦਾ, ਕਿਉਂਕਿ ਮੈਂ ਤੁਹਾਡੇ ਵਿਖੇ ਦੁਬਿਧਾ ਵਿੱਚ ਹਾਂ।
21
ਤੁਸੀਂ ਜਿਹੜੇ ਬਿਵਸਥਾ ਦੇ ਅਧੀਨ ਹੋਣਾ ਚਾਹੁੰਦੇ ਹੋ ਮੈਨੂੰ ਦੱਸੋ, ਕੀ ਤੁਸੀਂ ਬਿਵਸਥਾ ਦੀ ਨਹੀਂ ਸੁਣਦੇ?
22
ਕਿਉਂਕਿ ਲਿਖਿਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ; ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਔਰਤ ਤੋਂ।
23
ਜਿਹੜਾ ਦਾਸੀ ਤੋਂ ਸੀ ਉਹ ਸਰੀਰ ਦੇ ਅਨੁਸਾਰ ਜਨਮਿਆ, ਪਰ ਜਿਹੜਾ ਅਜ਼ਾਦ ਔਰਤ ਤੋਂ ਸੀ ਉਹ ਵਾਇਦੇ ਦੇ ਰਾਹੀਂ ਜਨਮਿਆ।
24
ਇਹ ਇੱਕ ਉਦਾਹਰਣ ਹੈ: ਇਹ ਔਰਤਾਂ ਦੋ ਨੇਮ ਹਨ; ਇੱਕ ਸੀਨਾ ਪਹਾੜ ਤੋਂ ਹੈ ਜਿਸ ਤੋਂ ਗੁਲਾਮ ਹੀ ਪੈਦਾ ਹੁੰਦੇ ਹਨ ਜੋ ਕਿ ਹਾਜਰਾ ਹੈ।
25
ਹੁਣ ਮੰਨ ਲਵੋ ਕਿ ਹਾਜਰਾ ਅਰਬ ਦਾ ਸੀਨਾ ਪਹਾੜ ਹੈ ਜੋ ਵਰਤਮਾਨ ਯਰੂਸ਼ਲਮ ਨੂੰ ਦਰਸਾਉਂਦੀ ਹੈ, ਕਿਉਂਕਿ ਉਹ ਆਪਣੇ ਬੱਚਿਆਂ ਸਹਿਤ ਗੁਲਾਮੀ ਵਿੱਚ ਹੈ।
26
ਪਰ ਉਤਾਂਹ ਦੀ ਯਰੂਸ਼ਲਮ ਅਜ਼ਾਦ ਹੈ ਜੋ ਸਾਡੀ ਮਾਂ ਹੈ;
27
ਕਿਉਂਕਿ ਲਿਖਿਆ ਹੈ: ਹੇ ਬਾਂਝ, ਤੂੰ ਜੋ ਜਨਮ ਨਹੀਂ ਦਿੰਦੀ, ਅਨੰਦ ਮਨਾ! ਤੂੰ ਜਿਸ ਨੂੰ ਜਣੇਪੇ ਦੀਆਂ ਪੀੜਾਂ ਸਹਿਣੀਆਂ ਨਹੀਂ ਪੈਂਦੀਆਂ, ਖੁਸ਼ ਹੋ ਅਤੇ ਨਾਰ੍ਹੇ ਮਾਰ! ਕਿਉਂਕਿ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।
28
ਹੁਣ ਹੇ ਭਾਈਓ, ਤੁਸੀਂ ਇਸਹਾਕ ਵਾਂਗ ਵਾਇਦੇ ਦੀ ਸੰਤਾਨ ਹੋ।
29
ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜਨਮਿਆ ਸੀ ਆਤਮਾ ਦੇ ਅਨੁਸਾਰ ਜਨਮੇ ਹੋਏ ਨੂੰ ਸਤਾਉਂਦਾ ਸੀ, ਉਸੇ ਤਰ੍ਹਾਂ ਹੁਣ ਵੀ ਹੈ।
30
ਪਰ ਲਿਖਤ ਕੀ ਕਹਿੰਦੀ ਹੈ? “ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂਕਿ ਦਾਸੀ ਦਾ ਪੁੱਤਰ ਅਜ਼ਾਦ ਔਰਤ ਦੇ ਪੁੱਤਰ ਨਾਲ ਵਾਰਸ ਨਹੀਂ ਹੋਵੇਗਾ।”
31
ਇਸ ਲਈ ਹੇ ਭਾਈਓ, ਅਸੀਂ ਦਾਸੀ ਦੀ ਨਹੀਂ, ਸਗੋਂ ਅਜ਼ਾਦ ਔਰਤ ਦੀ ਸੰਤਾਨ ਹਾਂ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 5 →
All chapters:
1
2
3
4
5
6